ਪੰਜਾਬੀ ਨਾਂ ਭੁਲਾ ਦਿਓ
ਬੋਲੀ ਨਾਂ ਰਹੀ ਤਾਂ ਕਵਿਤਾਵਾਂ ਗੁੰਮ ਜਾਣੀਆਂ,
ਮਾਂਵਾਂ ਦੀਆਂ ਦਿੱਤੀਆਂ ਦੁਆਵਾਂ ਰੁਲ੍ਹ ਜਾਣੀਆਂ..
ਦਿੱਤੀਆਂ ਸ਼ਹਾਦਤਾਂ ਨਾਂ ਮਿੱਟੀ ਚ’ ਮਿਲਾ ਦਿਓ..
ਦੇਖਿਓ ਪੰਜਾਬੀਓ,...ਪੰਜਾਬੀ ਨਾਂ ਭੁਲਾ ਦਿਓ..||
ਪੁੱਤਰਾਂ-ਪੰਜਾਬੀਆਂ ਨੇਂ ਵਾਰੀਆਂ ਜਵਾਨੀਆਂ,
ਸੀਸ ਕਟਵਾਕੇ ਸਾਨੂੰ ਦਿੱਤੀਆਂ ਨਿਸ਼ਾਨੀਆਂ..
ਐਨੇ ਮਹਿੰਗੇ ਮੁੱਲ ਵਾਲੀ ਚੀਜ਼ ਨਾ ਗੁਆ ਦਿਓ..
ਦੇਖਿਓ ਪੰਜਾਬੀਓ,...ਪੰਜਾਬੀ ਨਾਂ ਭੁਲਾ ਦਿਓ..||
ਗੁਰੂਆਂ,ਪੰਜਾਬ ਦੀਆਂ ਨੀਹਾਂ ਹੱਥੀਂ ਰੱਖੀਆਂ,
ਪੁੱਤ ਚਿਣਵਾਕੇ ਨੀਹਾਂ ਕੀਤੀਆਂ ਨੇਂ ਪੱਕੀਆਂ..
ਕਿਤੇ ਭੁੱਲ-ਚੁੱਕ ਵਿੱਚ ਨੀਹਾਂ ਨਾਂ ਹਿਲਾ ਦਿਓ..
ਦੇਖਿਓ ਪੰਜਾਬੀਓ,...ਪੰਜਾਬੀ ਨਾਂ ਭੁਲਾ ਦਿਓ..||
ਬੁੱਲ੍ਹੇ ਦੀਆਂ ਕਾਫ਼ੀਆਂ ਤੇ ਬਾਹੂ ਵਾਲੀ ਹੂ ਵਿੱਚ,
ਵੈਣਾਂ ਚ’ ਸੁਹਾਗਾਂ ਵਿੱਚ ਵਸੇ ਸਾਡੀ ਰੂਹ ਵਿੱਚ..
ਪੰਜਾਬ ਦੇ ਸਰੀਰ ਵਿੱਚੋਂ ਰੂਹ ਨਾਂ ਗੁਆ ਦਿਓ..
ਦੇਖਿਓ ਪੰਜਾਬੀਓ,...ਪੰਜਾਬੀ ਨਾਂ ਭੁਲਾ ਦਿਓ..||
ਬੋਲੀ ਆਪਣੀ ਤੇ ਸਾਨੂੰ ਮਾਣ ਹੋਣਾਂ ਚਾਹੀਦਾ,
ਬੋਲੇ ਜਦੋਂ ਬੰਦਾ ਤਾਂ ਪਹਿਚਾਣ ਹੋਣਾਂ ਚਾਹੀਦਾ..
ਆਪਣੀ ਪਹਿਚਾਣ ਵਾਲਾ ਦੀਵਾ ਨਾਂ ਬੁਝ੍ਹਾ ਦਿਓ..
ਦੇਖਿਓ ਪੰਜਾਬੀਓ,...ਪੰਜਾਬੀ ਨਾਂ ਭੁਲਾ ਦਿਓ..||
ਦੇਖਿਓ ਪੰਜਾਬੀਓ,...ਪੰਜਾਬੀ ਨਾਂ ਭੁਲਾ ਦਿਓ..|
__________________