ਉਹੀ ਪੈੜਾਂ, ਜੋ ਉਸਨੇ ਮੇਰੇ ਨਾਲ ਚਲਦਿਆਂ ਬਣਾਈਆ ਸਨ..
ਅੱਜ ਤੁਰਦਿਆਂ- ਤੁਰਦਿਆਂ, ਮੇਰੇ ਪੈਰ, ਉਹੀ ਪੈੜਾਂ ਲੱਭਣ ਲੱਗੇ,
ਜੋ, ਉਸਨੇ ਮੇਰੇ ਨਾਲ ਚਲਦਿਆਂ ਬਣਾਈਆ ਸਨ,
ਮੇਰੇ ਹੱਥ, ਅੱਜ ਫੇਰ ਉਸੇ ਰੇਤ ਚੋਂ, ਟੁੱਟੀ ਝਾਂਜਰ ਦੇ ਘੁੰਗਰੂ ਲੱਭਣ ਲੱਗੇ,
ਜੋ, ਮੈ ਉਸਦੀ ਫਰਮਾਇਸ਼ ਨੂੰ ਪੂਰਾ ਕਰਦਿਆਂ ਪਵਾਈਆਂ ਸਨ,
ਮੈਨੂੰ ਪਤਾ ਸੀ, ਮੈਨੂੰ ਰੇਤ ਤੋਂ ਬਿਨਾ, ਹੋਰ ਕੁੱਝ ਨਹੀ ਥਿਆਉਣਾ,
ਉਹ ਕਰਮਾ ਮਾਰੀ ਸੱਸੀ ਨੇ, ਮੁੜ ਫੇਰਾ ਨਹੀ ਪਾਉਣਾ,
ਪਰ ਫੇਰ ਵੀ, ਉਹਦੇ ਦੀਦਾਰ ਨੂੰ ਤਰਸੇ ਹੰਝੂਆਂ ਨੇ,
ਰੀਝਾਂ, ਕਈ ਸਜਾਈਆਂ ਸਨ,
ਉਹੀ ਪੈੜਾਂ, ਜੋ ਉਸਨੇ ਮੇਰੇ ਨਾਲ ਚਲਦਿਆਂ ਬਣਾਈਆ ਸਨ,
ਹੁਣ ਵੀ, ਮੈ ਜਦ ਕਿਸੇ ਖਾਲੀ ਪਏ ਘਰ ਵੱਲ ਵੇਖਦਾ ਹਾਂ,
ਤਾਂ ਮੈਨੂੰ ਉਸ ਵਿਚੋਂ, ਆਪਣਾ ਅਕਸ ਨਜ਼ਰ ਆਉਂਦਾ ਹੈ,
ਜਿਸਦੀਆਂ ਕੰਧਾ ਤਾਂ ਮਜ਼ਬੂਤ ਨੇ,
ਪਰ ਸੁਨੀ ਦੇਹਲੀ, ਬਿਰਹਾ ਦੀ ਧੁੱਪ 'ਚ' ਮਚਦਾ ਵੇਹੜਾ,
ਕਿਸੇ ਕੂੰਜ ਵਾਂਗ ਕੁਰਲਾਉਂਦਾ ਹੈ,
ਮੈਨੂੰ ਪਤਾ ਸੀ, ਇਹਨਾ ਬੁਝੇ ਦੀਵਿਆਂ ਨੂੰ, ਮੁੱੜ ਕਿਸੇ ਨਹੀ ਜਗਾਉਣਾ,
ਇਸ ਮਿੱਟੀ ਨਾਲ ਭਰੇ ਬਨੇਰਿਆਂ ਤੇ, ਕੋਈ ਕਾਂ ਨਹੀ ਕੁਰਲਾਉਣਾ,
ਪਰ ਫੇਰ ਵੀ, ਉਸਨੂੰ ਮਿਲਣ ਦੀ ਤਾਂਗ ਨੇ
“ਗੁਰਪ੍ਰੀਤ ਖੋਸਿਆਂ”
ਸੁੱਖਾਂ, ਕਈ ਪੁਗਾਈਆਂ ਸਨ,
ਉਹੀ ਪੈੜਾਂ, ਜੋ ਉਸਨੇ ਮੇਰੇ ਨਾਲ ਚਲਦਿਆਂ ਬਣਾਈਆ ਸਨ,