ਸਰਦਾਰ ਭਗਤ ਸਿੰਘ ਨੂੰ
ਯਾਰਾ,
ਕਦੇ ਵਾਪਸ ਆ।
ਤੇਰੇ ਗਲ ਲੱਗ ਰੋਣ ਨੂੰ ਦਿਲ ਕਰਦੈ।
ਤੇ ਮੈਨੂੰ ਪਤੈ,
ਅੱਜ ਦੇ ਭਾਰਤ ਨੂੰ ਵੇਖ,
ਤੂੰ ਵੀ ਰੋ ਪੈਣੈ।
ਯਾਰਾ,
ਕਿੰਨਾ ਔਖਾ ਹੁੰਦੈ,
ਲੋਕਾਂ ਲਈ ਸ਼ਹੀਦ ਹੋਣਾ।
ਕਿਸੇ ਦੇ ਕੱਲ ਲਈ ਆਪਣਾ ਅੱਜ ਵਾਰਨਾ।
ਪਰ ਕਿੰਨੇ ਸੌਖੇ ਭੁੱਲ ਜਾਂਦੇ ਨੇ ਲੋਕ,
ਸ਼ਹੀਦਾਂ ਦੇ ਦਿਨਾਂ ਨੂੰ।
ਤੇ ਯਾਰਾ,
ਏਸ ਸਾਲ,
ਤੇਰਾ ਜਨਮ ਦਿਨ ਵੀ ਰੋਲ ਦਿੱਤੈ,
‘ਟਵੰਟੀ ਟਵੰਟੀ’ ਦੇ ਰੌਲੇ ਗੌਲੇ ਨੇ।
ਕਿਉਂਕਿ ਹੁਣ ਧੋਨੀ ਤੇ ਯੁਵਰਾਜ ਦੀ ਡੀਮਾਂਡ ਐ,
ਅੱਜ ਭਾਰਤ ਨਹੀਂ ਚਾਹੁੰਦਾ,
ਕਿ ਤੂੰ ਦੁਬਾਰਾ ਜਨਮ ਲਵੇਂ,
ਤੇ ‘ਆਪਣਿਆਂ’? ਨੂੰ ਹੀ ਵੰਗਾਰੇਂ।
ਸੰਸਦ ਵਿਚ ਸੁੱਟੇਂ ਬੰਬ।
ਅੱਜ ਹਰੇਕ ਲਾਲ ਬੱਤੀ ਵਾਲੀ ਕਾਰ ਵਿਚ,
ਸਕਾਟ ਤੇ ਸਾਂਡਰਸ ਨੇ।
ਤੇ ਜਿਹੜੇ ਸਿਰਫ ਛਤਰੀਆਂ ‘ਤੇ ਡਾਂਗਾਂ
ਨਹੀਂ ਵਰ੍ਹਾਉਂਦੇ,
ਸਗੋਂ ਚੁੱਕ ਕੇ ਗਾਇਬ ਕਰ ਦਿੰਦੇ ਨੇ,
ਤੇ ਲਾਸ਼ ਵੀ ਨਹੀਂ ਲੱਭਣ ਦਿੰਦੇ।
ਤੇ ਮੈਨੂੰ ਪਤੈ ਯਾਰਾ,
ਐਤਕੀਂ ਇਹਨਾਂ ਤੇਰਾ ਵੀ ਬਣਾ ਦੇਣੈ
ਝੂ� ਾ ਪੁਲਸ ਮੁਕਾਬਲਾ।
ਆਦਮਖੋਰਾਂ ਦੀ ਭਰਮਾਰ ਹੈ।
ਕਿਸ ਕਿਸ ਨੂੰ ਮਾਰੇਂਗਾ ਯਾਰਾ।
ਲਾਲ ਝੰਡੇ ਵਾਲਿਆਂ ਨੇ ਵੀ,
ਪੋਚੇ ਬਣਾ ਲਏ ਨੇ ਝੰਡਿਆਂ ਦੇ
ਤੇ ਡੰਡੇ,
ਕੋ� ੀ ਦੀ ਖੂਬਸੂਰਤ ਬਗੀਚੀ ਵਿਚ,
ਫੁੱਲਾਂ ਦੀ ਵੇਲ ਨਾਲ ਬੰਨ੍ਹ ਦਿੱਤੇ ਨੇ।
ਐਤਕੀਂ ਤੈਨੂੰ ਸਾਥੀ ਲੱਭਣ ਵਿਚ ਵੀ ਔਖ ਹੋਊ,
ਕਿਉਂਕਿ ਅੱਜ ਨੌਜੁਆਨ
ਸਿਰਫ ਤੇਰੇ ਵਰਗੀ ਪੱਗ ਹੀ ਬੰਨਣਾ ਚਾਹੁੰਦੇ ਨੇ,
ਤੇ ਉਹ ਵੀ ਸਿਰਫ ਤਾਂ
ਕਿ ਟਰੈਂਡ ਚੱਲ ਰਿਹੈ,
ਇਹਨਾਂ ਪੱਗਾਂ ਦਾ ਰਿਵਾਜ ਐ।
ਤੇਰੀ ਸੋਚ ਲੈ ਕੇ ਤੁਰਨਾ
ਔਖੈ ਇਹਨਾਂ ਲਈ।
ਪਰ ਯਾਰਾ,
ਤੂੰ ਫਿਰ ਵੀ ਆ,
ਕੁਝ ਕੁ ਹਾਂ,
ਤੇਰੇ ਨਾਲ ਤੁਰਾਂਗੇ,
‘ਰੰਗ ਦੇ ਬਸੰਤੀ’ ਗਾਵਾਂਗੇ।
ਗੋਰੇ ਤਾਂ ਚਲੇ ਗਏ,
ਹੁਣ ਭੂਰਿਆਂ ਨਾਲ ਲੜਾਂਗੇ।
ਆ ਯਾਰਾ,
ਐਤਕੀਂ ਲਾਹੌਰ ਨਹੀਂ,
ਤਿਹਾੜ ਦੀ ਫਾਂਸੀ,
ਇੰਤਜਾਰ ਕਰ ਰਹੀ ਹੈ,
ਆ ਫਿਰ ਰੱਸਾ ਚੁੰਮੀਏ....