ਮੈਂ ਚਾਹੁੰਦਾ ਹਾਂ ਮੇਰੀ ਹਸਤੀ ਇਵੇਂ ਕਵਿਤਾ
ਮੈਂ ਚਾਹੁੰਦਾ ਹਾਂ ਮੇਰੀ ਹਸਤੀ ਇਵੇਂ ਕਵਿਤਾ `ਚ ਢਲ ਜਾਵੇ|
ਹਵਾ ਵੰਝਲੀ `ਚੋਂ ਲੰਘ ਕੇ ਜਿਸ ਤਰ੍ਹਾਂ ਸੁਰ ਵਿੱਚ ਬਦਲ ਜਾਵੇ|
ਵਿਘਨਕਾਰੀ ਤਪੱਸਿਆ `ਚੋਂ ਅਜਬ ਬਖ਼ਸ਼ਿਸ਼ ਮਿਲੀ ਮੈਨੂੰ,
ਮੇਰੀ ਛੋਹ ਨਾਲ ਜਲ ਹੈ ਜੰਮਦਾ, ਪੱਥਰ ਪਿਘਲ ਜਾਵੇ|
ਨਿਸ਼ਾਨੇ ਦੇ ਨਸ਼ੇ ਵਿੱਚ ਦੇਖਣਾ ਨਾ ਹੋਸ਼ ਭੁੱਲ ਜਾਵੀਂ,
ਤੇਰੇ ਹਥਲੀ ਰਫ਼ਲ ਕਿਧਰੇ ਤੇਰੇ ਘਰ ਵੱਲ ਨਾ ਚਲ ਜਾਵੇ|
ਮੈਂ ਜਦ ਥਲ `ਚੋਂ ਗੁਜ਼ਰਦਾ ਹਾਂ, ਤਾਂ ਸੋਚਾਂ ਵਿੱਚ ਵਗੇ ਦਰਿਆ,
ਜਦੋਂ ਕਿਸ਼ਤੀ `ਚ ਬਹਿ ਜਾਵਾਂ ਖ਼ਿਆਲਾਂ `ਚੋਂ ਨਾ ਥਲ ਜਾਵੇ|
ਜਗਾਵਣ ਲੱਗਿਆਂ ਦੀਵਾ, ਨਾ ਬੱਚੇ ਕਰਨ ਜ੍ਹਾ ਜਾਂਦੀ,
ਕਹੇ ਪਤਨੀ, ਘਰੇ ਪੁੱਜੀਏ, ਕਿਤੇ ਸੂਰਜ ਨਾ ਢਲ ਜਾਵੇ|
ਜੋ ਬਿਲਕੁਲ ਰੇਤ ਦਿੱਸਦੀ ਹੈ, ਭੰਵਰ ਨਿਕਲੇ ਨਾ ਆਖ਼ਿਰ ਨੂੰ,
ਮਿਰਗ ਤ੍ਰਿਸ਼ਨਾ ਦੇ ਵਾਂਗੂੰ ਹੁਣ ਕਿਤੇ ਦਰਿਆ ਨਾ ਛਲ ਜਾਵੇ|
ਬਰੂਦੀ ਸੁਰੰਗ ਤੋਂ ਬਚ ਕੇ ਪਰਿੰਦਾ ਉੱਡ ਤਾਂ ਚੱਲਿਆ ਹੈ,
ਇਹ ਚਿੰਤਾ ਹੈ ਕਿਤੇ ਉਸ ਨੂੰ ਨਾ ਹੁਣ ਅੰਬਰ ਨਿਗਲ ਜਾਵੇ|