ਉਹ ਨਾ ਪੰਜਾਬ ਦਿਸਦਾ..
ਦਿਸਦੀ ਨਾ ਰੂਹ ਰੰਗੀਲੀ, ਨਾ ਹੀ ਸ਼ਬਾਬ ਦਿੱਸਦਾ ।
ਕਿਧਰੇ ਨਾ ਜਾਨ ਦਿਸਦੀ, ਨਾ ਹੀ ਪੰਜਾਬ ਦਿੱਸਦਾ ।
ਰੰਗਾਂ ਤੇ ਮੁਰਦਨੀ ਹੀ , ਛਾਈ ਚੁਫੇਰ ਦਿੱਸਦੀ,
ਕਿਧਰੇ ਨਾ ਸ਼ਾਇਰਾਂ ਦਾ, ਸੂਹਾ ਗੁਲਾਬ ਦਿੱਸਦਾ ।
ਭੁੱਕੀ ਅਫੀਮ ਬੋਤਲ, ਯੁੱਵਕਾਂ ਨੂੰ ਛਕ ਰਹੇ ਨੇ ,
ਸਭ ਥਾਂ ਮਹਾਨ ਉੱਤਮ, ਜਲਵਾ ਸ਼ਰਾਬ ਦਿੱਸਦਾ ।
ਦਿੱਸਦੀ ਨਾ ਮਾਣਮੱਤੀ, ਮਸਤੀ ਜੁਆਨੀਆਂ ਤੇ,
ਯੁੱਵਕਾਂ ਦਾ ਨਿੱਤ ਹੁੰਦਾ, ਖਾਨਾ ਖਰਾਬ ਦਿੱਸਦਾ ।
ਜੱਟਾਂ ਦੇ ਪੁੱਤ ਗਾ ਕੇ, ਬੱਕਰੇ ਬੁਲਾਉਣ ਕਾਹਦੇ,
ਕੰਨਾਂ ਚ' ਮੁੰਦਰਾਂ ਤੇ, ਇਸ ਦਾ ਜਵਾਬ ਦਿੱਸਦਾ ।
ਫੁੱਟਬਾਲ ਤੇ ਕਬੱਡੀ, ਹਾਕੀ ਦੀ ਗੱਲ ਛੱਡੀ,
ਹੁਣ ਤਾਂ ਕ੍ਰਿਕਟ ਅੰਦਰ, ਸਾਡਾ ਸਵਾਬ ਦਿੱਸਦਾ ।
ਪੱਗਾਂ ਦੀ ਥਾਂ ਏ ਦਿੱਸਦੀ, ਭਰਮਾਰ ਟੋਪੀਆਂ ਦੀ,
ਸਰਦਾਰ ਜੀ ਤਾਂ ਬਣਿਆਂ, ਬਾਬੂ ਨਵਾਬ ਦਿੱਸਦਾ ।