ਭੈਅ ਰਹਿੰਦਾ ਏ ਮਨ ਵਿੱਚ, ਫਿਰ ਵੀ ਹੇਰਾਫੇਰੀ ਦਾ
ਸਾਢੇ ਤਿੰਨ ਮਣ ਲੋਹਾ ਤੇ ਜਿੰਦਰਾ ਧੜੀ ਪਸੇਰੀ ਦਾ
ਭੈਅ ਰਹਿੰਦਾ ਏ ਮਨ ਵਿੱਚ, ਫਿਰ ਵੀ ਹੇਰਾਫੇਰੀ ਦਾ
ਸੋਚ ਅਪਣਾਉਂਦੇ ਢੌੰਗੀ ਸਦਾ ਹੀ ਖੂਨ ਖਰਾਬੇ ਦੀ
ਡਰਦੀ ਚੋਰਾਂ ਕੋਲੋਂ, ਰੱਬ-ਰੱਬ ਕਰਦੀ ਗੋਲਕ ਬਾਬੇ ਦੀ
ਬੱਤੀ ਵਾਲੀ ਬਲੈਰੋ, ਡੱਬ ਵਿੱਚ ਪਿਸਟਲ ਰੱਖਿਆ ਬਈ
ਦੂਜਿਆਂ ਦੀ ਉਹ ਫੂਕਾਂ ਦੇ ਨਾਲ ਕਰਨ ਸੁਰੱਖਿਆ ਬਈ
ਬਣ ਕੇ ਭਾਗੋ ਰੱਤ ਚੂਸਣ ਦੁਖੀਆਂ ਦੇ ਛਾਬੇ ਦੀ
ਡਰਦੀ ਚੋਰਾਂ ਕੋਲੋਂ ਰੱਬ-ਰੱਬ ਕਰਦੀ ਗੋਲਕ ਬਾਬੇ ਦੀ
ਪੜੀ ਲਿਖੀ ਵੀ ਦੁਨੀਆ ਬਣਜੇ ਭੋਲੀ-ਭਾਲੀ ਬਈ
ਜਾਦੂ, ਟੂਣੇਂ-ਟਾਮਣ ਦੀ ਗਲ ਪਈ ਪੰਜਾਲੀ ਬਈ
ਵਿਸਰ ਚੱਲੀ ਸਾਥੋਂ ਸਿੱਖਿਆ ਦਿੱਤੀ 'ਨਾਨਕ' ਬਾਬੇ ਦੀ
ਡਰਦੀ ਚੋਰਾਂ ਕੋਲੋਂ ਰੱਬ-ਰੱਬ ਕਰਦੀ ਗੋਲਕ ਬਾਬੇ ਦੀ
ਘਰ ਤੋਂ ਵੇਹਲੜ ਬੀਬੀਆਂ ਜਾ ਚਰਨੀਂ ਹੱਥ ਲਾਉਂਦੀਆਂ ਨੇ
ਘਰ ਪਰਤ ਕੇ ਸੱਸ, ਸਹੁਰੇ ਦੀ ਰੇਲ ਬਣਉਂਦੀਆਂ ਨੇ
ਨੰਗੇ ਪੈਰੀਂ ਭੱਜਣ, ਸੁਣਕੇ ਢੋਲਕ ਬਾਬੇ ਦੀ
ਡਰਦੀ ਚੋਰਾਂ ਕੋਲੋਂ ਰੱਬ-ਰੱਬ ਕਰਦੀ ਗੋਲਕ ਬਾਬੇ ਦੀ
ਚੇਲੇ, ਚਿਮਟਾ, ਗੈਰ ਜ਼ਨਾਨੀ ਸ਼ੌਂਕ ਪਿਆਰੇ ਬਈ
ਢੋਂਗੀਆਂ ਦੇ ਨਾ ਦਿਲ 'ਚੋਂ ਕਿਧਰੇ ਜਾਣ ਵਿਸਾਰੇ ਬਈ
ਉਲਟਾ ਧੌਂਸ ਜਮਾਵਣ, ਪਾਨ ਚੜੀ ਸਿਆਸੀ ਢਾਬੇ ਦੀ
ਡਰਦੀ ਚੋਰਾਂ ਕੋਲੋਂ ਰੱਬ-ਰੱਬ ਕਰਦੀ ਗੋਲਕ ਬਾਬੇ ਦੀ