ਦੋਸਤਾ ਦੁੱਖ ਦੇਣੋਂ ਹਟਜਾ ਦੁੱਖ ਸਹਿ ਲਏ ਬਥੇਰੇ....
ਤੇਰੀ ਗਲੀ ਤਾਂ ਸੂਰਜ ਚੜ੍ਹਿਆ ਮੇਰੇ ਦਰ ਹਨੇਰੇ।
ਦੋਸਤਾ ਦੁੱਖ ਦੇਣੋਂ ਹਟਜਾ ਦੁੱਖ ਸਹਿ ਲਏ ਬਥੇਰੇ।
ਥੋਹਰ ਵੀ ਦਰਵਾਜੇ ਬੰਨ੍ਹਿਆ ਗ਼ਮਾਂ ਪਿੱਛਾ ਨਹੀਂ ਛੱਡਿਆ
ਘਿਓ ਦੀ ਧੂਣੀ ਦੇ ਚੁੱਕਾਂ ਮਹਿਕੇ ਨਾ ਚੁਫੇਰੇ।
ਸੰਧੂਰ ਥੋੜਾ ਸੁਹਾਗਣ ਦੀ ਮਾਂਗ ਵਿੱਚੋਂ ਚੁਰਾਕੇ ਛਿੜਕਿਆ
ਮੇਰੀ ਵਿਧਵਾ ਜਿੰਦਗੀ ਨਾਲ਼ ਨਾ ਲਵੇ ਕੋਈ ਫੇਰੇ।
ਖੋਪੇ ਦੀਆਂ ਗਿਰੀਆਂ ਸਾਧਾਂ ਦੇ ਚਰਨੀਂ ਕਈ ਟੇਕੀਆਂ
ਊਸ਼ਾ ਦੀ ਲਾਲੀ ਨਾ ਦਿਸੀ ਮੈਨੂੰ ਸੁਭਾ ਸਵੇਰੇ।
ਮੱਸਿਆ ਦੀਆਂ ਰਾਤਾਂ ਦਾ ਨ੍ਹੇਰਾ ਮੂੰਹ ਪਾੜ ਆਉਂਦਾ
ਚੰਦਰਮਾ ਨੂੰ ਲੁਕੋ ਲੈਂਦੇ ਲਾਕੇ ਅਕਾਸ਼ੀਂ ਬੱਦਲ ਡੇਰੇ।
ਗ਼ਮਾਂ ਦੀ ਚਾਦਰ ਲਈ ਫਿਰਦਾ ਬਿਰਹੋਂ ਦੇ ਬਜਾਰੀਂ
ਮੁਸਕਾਣਾਂ ਨੂੰ ਖਰੀਦ ਲਵਾਂ ਇੰਨੇ ਵੀ ਨਹੀਂ ਜੇਰੇ।
ਕੀ ਤੂੰ ਪਿਆਲਾ ਮੇਰੇ ਹੱਥ ਦੇਖਕੇ ਖੁਸ਼ ਹੈਂ
ਇਹੋ ਆਖਰੀ ਦਵਾ ਹੈ ਜੋ ਭੁਲਾਵੇ ਗ਼ਮ ਮੇਰੇ।