ਪੰਜਾਬ ਵਿਚ ਵਿਗੜ ਰਹੀ ਅਮਨ ਕਾਨੂੰਨ ਦੀ ਸਥਿੱਤੀ - Law and order situatio
ਪੰਜਾਬ ਵਿਚ ਨਵਾਂ ਇਤਿਹਾਸ ਸਿਰਜਦਿਆਂ ਕਿਆਸ ਅਰਾਂਈਆਂ ਦੇ ਉਲਟ ਅਕਾਲੀ ਸਰਕਾਰ ਹੋਂਦ ਵਿਚ ਆ ਗਈ। ਭਾਵੇਂ ਕਿ ਆਮ ਲੋਕ ਇਹ ਵਿਚਾਰਧਾਰਾ ਰੱਖਦੇ ਸਨ ਕਿ 5 ਸਾਲ ਬਾਅਦ ਸਰਕਾਰ ਵਿਚ ਬਦਲਾਆ ਆਉਣਾ ਜਰੂਰੀ ਹੈ ਪਰ ਇਸਦੇ ਬਾਵਯੂਦ ਇਹ ਸਭ ਕਿਵੇਂ ਸੰਭਵ ਹੋ ਗਿਆ, ਇਹ ਇਕ ਅਲੱਗ ਵਿਸ਼ਾ ਹੈ। ਚਲੋ ਅਕਾਲੀ ਸਰਕਾਰ ਬਣ ਗਈ ਪਰ ਲੋਕਾਂ ਦੇ ਦਿਲਾਂ ਵਿਚ ਇਹ ਖਦਸ਼ਾ ਬਣਿਆਂ ਹੋਇਆ ਸੀ ਕਿ ਜਦੋਂ ਪਿਛਲੇ ਪੰਜ ਸਾਲ ਮਨਮਾਨੀਆਂ ਹੁੰਦੀਆਂ ਰਹੀਆਂ ਹਨ, ਅਮਨ ਕਾਨੂੰਨ ਦੀ ਸਥਿੱਤੀ ਬਦਤਰ ਰਹੀ ਹੈ ਤਾਂ ਹੁਣ ਉਸਤੋਂ ਮਾੜੇ ਸਮੇਂ ਦੀ ਹੀ ਆਸ ਰੱਖਣੀ ਚਾਹੀਦੀ ਹੈ। ਭਾਵੇਂ ਸਰਕਾਰ ਨੇ ਕਈ ਤਰਾਂ ਦੀਆਂ ਚੰਗਾ ਕਰਨ ਦੇ ਐਲਾਨ ਕੀਤੇ ਪਰ ਇਹ ਮਹਿਜ਼ ਐਲਾਨ ਹੀ ਰਹੇ ਹਨ। ਸਭ ਕੁੱਝ ਉਸੇ ਤਰਾਂ ਹੀ ਚੱਲ ਰਿਹਾ ਹੈ ਜੋ ਪਹਿਲਾਂ ਸੀ। ਸੱਤਾ ਵਿਚ ਕਾਬਜ਼ ਲੋਕ ਜਾਂ ਸੱਤਾ ਦੀ ਸਰਪ੍ਰਸਤੀ ਵਾਲੇ ਲੋਕਾਂ ਵੱਲੋਂ ਉਸੇ ਤਰਾਂ ਹੀ ਆਮ ਲੋਕਾਂ ਨਾਲ ਧੱਕੇਸ਼ਾਹੀਆਂ, ਵਧੀਕੀਆਂ, ਮਨਮਾਨੀਆਂ ਜਾਰੀ ਹਨ।
ਬਾਦਲ ਸਾਹਿਬ ਨੇ ਇਹ ਐਲਾਨ ਵੀ ਕੀਤਾ ਸੀ ਕਿ ਉਹ ਕਿਸੇ ਨਾਲ ਬਦਲੇ ਦੀ ਭਾਵਨਾ ਨਹੀਂ ਰੱਖਦੇ ਪਰ ਕਾਂਗਰਸੀ ਵਰਕਰਾਂ ਤੇ ਸਰਕਾਰ ਬਣਦਿਆਂ ਹੀ ਝੂਠੇ ਮੁਕੱਦਮੇਂ ਦਰਜ ਹੋਣ ਲੱਗੇ ਹਨ, ਜਿਸ ਬਾਰੇ ਕੈਪਟਨ ਸਾਹਿਬ ਸਖਤ ਬਿਆਨ ਵੀ ਦੇ ਚੁੱਕੇ ਹਨ। ਸਿਵਲ ਅਤੇ ਪੁਲਿਸ ਪ੍ਰਸ਼ਾਸ਼ਨ ਨੂੰ ਵੀ ਆਪਣੇ ਢੰਗ ਨਾਲ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ ਅਤੇ ਸਿਆਸੀ ਦਬਾਅ ਉਸੇ ਤਰਾਂ ਭਾਰੂ ਹੈ। ਚੋਰਾਂ ਦੀ ਪੁਸ਼ਤਪਨਾਹੀ ਕੀਤੀ ਜਾ ਰਹੀ ਹੈ ਅਤੇ ਸੱਚੇ ਨੂੰ ਨਿਆਂ ਨਹੀਂ ਮਿਲ ਰਿਹਾ। ਸਭ ਤੋਂ ਜਿਆਦਾ ਫਿਕਰਮੰਦੀ ਵਾਲੀ ਗੱਲ ਇਹ ਹੈ ਕਿ ਪੰਜਾਬ ਵਿਚ ਕਤਲ, ਡਾਕੇ, ਅਗਵਾ, ਲੁੱਟ ਖੋਹ ਆਦਿ ਦੀਆਂ ਵਾਰਦਾਤਾਂ ਵਿਚ ਵੱਡਾ ਵਾਧਾ ਹੋਇਆ ਹੈ। ਚੋਣਾਂ ਤੋਂ ਪਹਿਲਾਂ ਪੰਜ ਸਾਲ ਵੀ ਇਹ ਸਥਿੱਤੀ ਬਣੀ ਰਹੀ ਪਰ ਚੋਣਾ ਮੌਕੇ ਆਕੇ ਇਕ ਮਹੀਨਾ ਬਿਲਕੁੱਲ ਸ਼ਾਂਤਮਈ ਮਾਹੌਲ ਬਣ ਗਿਆ ਪਰ ਸਰਕਾਰ ਹੋਂਦ ਵਿਚ ਆਉਣ ਉਪਰੰਤ ਇਹ ਵਾਰਦਾਤਾਂ ਹੋਰ ਵੀ ਸਰਗਰਮੀਂ ਨਾਲ ਹੋਣ ਲੱਗੀਆਂ ਹਨ ਅਤੇ ਦਿਨ ਵੇਲੇ ਵੀ ਕੋਈ ਵਿਅਕਤੀ ਆਪਣੇ ਆਪਨੂੰ ਸੁਰੱਖਿਅਤ ਨਹੀਂ ਸਮਝਦਾ। ਪਿਛਲੇ ਦਿਨੀ ਇਕ ਵਪਾਰੀ ਨੂੰ ਬੱਸ ਚੋਂ ਉਤਾਰਕੇ 20 ਲੱਖ ਰੁਪਏ ਲੁੱਟ ਲਏ ਗਏ।
ਅਜਿਹੀਆਂ ਸੈਂਕੜੇ ਘਟਨਾਵਾਂ ਹਨ ਜਿਨ•ਾਂ ਦਾ ਜਿਕਰ ਕੀਤਾ ਜਾ ਸਕਦਾ। ਰੋਜ਼ਾਨਾ ਅਖਬਾਰੀ ਸੁਰਖੀਆਂ ਵਿਚ ਕਿਸੇ ਤੋਂ ਨਕਦੀ ਖੋਹਣ, ਕਿਸੇ ਔਰਤ ਦੇ ਗਹਿਣੇ ਝਪਟਣ, ਕਿਸੇ ਦੇ ਘਰ ਤੋਂ ਚੋਰੀ ਤੇ ਅੰਨ•ੇ ਕਤਲਾਂ ਦਾ ਜ਼ਿਕਰ ਹੁੰਦਾ ਹੈ। ਸਭ ਤੋਂ ਸ਼ਰਮਨਾਕ ਘਟਨਾ ਪਿਛਲੇ ਦਿਨੀ ਫਰੀਦਕੋਟ ਸ਼ਹਿਰ ਵਿਚ ਵਾਪਰੀ ਕਿ ਇਕ ਪਾਕਿਸਤਾਨ ਤੋਂ ਆਪਣੇ ਬੱਚੇ ਦੇ ਇਲਾਜ ਲਈ ਆਈ ਔਰਤ ਦਾ ਪਰਸ ਪੁਲਿਸ ਥਾਣੇ ਦੇ ਸਾਹਮਣਿਉਂ ਖੋਹ ਲਿਆ ਗਿਆ ਜਿਸ ਵਿਚ 20 ਹਜ਼ਾਰ ਅਮਰੀਕੀ ਡਾਲਰ ,ਗਹਿਣੇ ਅਤੇ ਹੋਰ ਜਰੂਰੀ ਕਾਗਜ਼ਾਤ ਸਨ। ਜਿਆਦਾ ਦਬਾਅ ਪੈਣ ਨਾਲ ਪੁਲਿਸ ਨੇ ਦੋਸ਼ੀ ਫੜ• ਤਾਂ ਲਏ ਪਰ ਸਭ ਤੋਂ ਸ਼ਰਮਨਾਕ ਗੱਲ ਇਹ ਹੈ ਕਿ ਚੋਰਾਂ ਦਾ ਮਾਲ ਮੋਰਾਂ ਕੋਲ ਚਲਾ ਗਿਆ ਅਤੇ ਪੰਜਾਬ ਸਰਕਾਰ ਦੀ ਚਹੇਤੀ ਪੁਲਿਸ ਨੇ ਉਹ ਸਾਮਾਨ ਅਜੇ ਤੱਕ ਪਾਕਿਸਤਾਨੀ ਔਰਤ ਨੂੰ ਨਹੀਂ ਦਿੱਤਾ।
ਦੂਸਰਾ ਜੋ ਹੋਰ ਗੱਲ ਸਾਹਮਣੇ ਆਈ ਕਿ ਇਸ ਖੋਹ ਵਿਚ ਵੱਡੇ ਘਰਾਂ ਦੇ ਕਾਕੇ ਹੀ ਨਾਮਜ਼ਦ ਪਾਏ ਗਏ ਅਤੇ ਇਹ ਤੱਥ ਸਾਹਮਣੇ ਆਏ ਕਿ ਬਹੁਤ ਸਾਰੇ ਅਮੀਰ ਮਾਪਿਆਂ ਨੇ ਕਾਨੂੰਨ ਦੀਆਂ ਨਜ਼ਰਾਂ ਤੋਂ ਬਚਣ ਲਈ ਇਨ•ਾਂ ਕਾਕਿਆਂ ਨੂੰ ਬੇ ਦਖਲ ਕੀਤਾ ਹੋਇਆ ਹੈ। ਇੱਥੇ ਸਮਝਣ ਵਾਲੀ ਗੱਲ ਇਹ ਹੈ ਕਿ ਉਸ ਪਾਕਿਸਤਾਨੀ ਔਰਤ ਦੇ ਦਿਲ ਵਿਚ ਪੰਜਾਬ ਅਤੇ ਪੰਜਾਬੀਆਂ ਪ੍ਰਤੀ ਕੀ ਸੋਚ ਬਣੇਗੀ। ਜਦੋਂ ਉਹ ਪਾਕਿਸਤਾਨ ਤੋਂ ਪੰਜਾਬ ਵੱਲ ਚੱਲੀ ਹੋਵੇਗੀ ਤਾਂ ਉਸਨੂੰ ਪੰਜਾਬੀ ਦਿਆਲੂ, ਦੀਨ ਦੁਖੀ ਦੇ ਮਦਦਗਾਰ ਜਿਹਨ ਵਿਚ ਨਜ਼ਰ ਆਉਂਦੇ ਹੋਣਗੇ ਪਰ ਘਟਨਾ ਵਾਪਰਨ ਤੋਂ ਬਾਅਦ ਪੰਜਾਬੀ ਲੁਟੇਰੇ ਤੇ ਇਨ•ਾਂ ਦੀ ਪੁਲਿਸ ਉਸਤੋਂ ਵੀ ਚਾਰ ਕਦਮ ਅੱਗੇ ਦਾ ਅਨੁਭਵ ਲੈ ਕੇ ਜਾਏਗੀ।
ਜੇਕਰ ਇਸਤੋਂ ਹਟਕੇ ਨਸ਼ਿਆਂ ਵਾਲੇ ਪਾਸੇ ਨਜ਼ਰ ਮਾਰੀਏ ਤਾਂ ਸਰਕਾਰ ਦੁਬਾਰਾ ਹੋਂਦ ਵਿਚ ਆਉਣ ਤੇ ਇਸਨੂੰ ਬੜਾਵਾ ਦੇਣ ਵਿਚ ਸਰਕਾਰ ਨੇ ਹੀ ਪਹਿਲ ਕੀਤੀ ਹੈ ਅਤੇ ਸ਼ਰਾਬ ਦੇ ਠੇਕਿਆਂ ਦੀ ਗਿਣਤੀ ਵਿਚ ਵਾਧਾ ਕਰ ਦਿੱਤਾ ਹੈ। ਇਸਤੋਂ ਇਲਾਵਾ ਨਜ਼ਾਇਜ਼ ਨਸ਼ਿਆਂ ਦੀ ਤਸਕਰੀ ਵਿਚ ਵੀ ਵਾਧਾ ਹੋਇਆ ਹੈ। ਸ਼ਰਾਬ ਤੇ ਪੋਸਤ ਅਫੀਮ ਨੂੰ ਛੱਡਕੇ ਹੁਣ ਪੰਜਾਬ ਹੈਰੋਇਨ ਦੀ ਮੰਡੀ ਬਣ ਗਿਆ ਹੈ ਅਤੇ ਇਸਦਾ ਵਪਾਰ ਸਰਕਾਰੀ ਸੱਤਾ ਪ੍ਰਾਪਤੀ ਵਾਲੇ ਲੋਕ ਪਰਦੇ ਪਿੱਛੇ ਕਰ ਰਹੇ ਹਨ। ਆਲੇ ਦੁਆਲੇ ਦੀ ਸਮਝ ਰੱਖਣ ਵਾਲੇ ਲੋਕ ਚਿੰਤਤ ਹਨ ਕਿ ਅੱਜ ਹੀ ਇਹ ਹਾਲ ਹੈ ਅਤੇ ਪੰਜ ਸਾਲਾਂ ਤੱਕ ਹਾਲਾਤ ਕੀ ਕਰਵੱਟ ਲੈਣਗੇ ਗੱਲ ਸਮਝ ਤੋਂ ਬਾਹਰ ਹੈ। ਇੱਥੇ ਵਿਚਾਰਨ ਵਾਲੀ ਗੱਲ ਇਹ ਹੈ ਕਿ ਜੇ ਅਕਾਲੀ ਸਰਕਾਰ ਨੂੰ ਸਰਕਾਰ ਬਣਾਉਣ ਦੇ ਹੱਕ ਵਿਚ ਫਤਵਾ ਮਿਲ ਹੀ ਗਿਆ ਹੈ ਭਾਵੇਂ ਜ਼ਾਇਜ਼ ਨਜ਼ਾਇਜ਼ ਢੰਗ ਨਾਲ ਹੀ ਸਹੀ ਪਰ ਪਾਰਦਰਸ਼ਤਾ ਵਾਲਾ ਕਾਨੂੰਨ ਲਾਗੂ ਕਰਨ ਨਾਲ ਸਰਕਾਰ ਪ੍ਰਤੀ ਲੋਕਾਂ ਵਿਚ ਚੰਗਾ ਪੱਖ ਹੀ ਉਜਾਗਰ ਹੋਏਗਾ। ਜੇ ਚੰਗਾ ਕਰਕੇ ਵਾਹ ਵਾਹ ਮਿਲ ਸਕਦੀ ਹੈ ਤਾਂ ਮਾੜਾ ਕਰਕੇ ਥੂਹ ਥੂਹ ਕਰਵਾਉਣ ਵਿਚ ਕੀ ਲਾਭ ਨਜ਼ਰ ਆਉਂਦਾ ਹੈ।